Prapanchtantra: ਰੱਜਿਆ ਕਾਂ

“ਕਦੇ ਕਦੇ ਮੇਰੇ ਦਿਲ ਵਿੱਚ ਖ਼ਿਆਲ ਆਉਂਦਾ ਏ,

ਕਿ ਇੱਥੇ ਇਸ ਤਰਾਂ ਹੁੰਦਾ ਤਾਂ ਕਿਸ ਤਰਾਂ ਹੁੰਦਾ…”

ਸਾਹਿਰ ਲੁਧਿਆਣਵੀ ਦੀ ਚੰਗੀ-ਭਲੀ ਨਜ਼ਮ ਦੀ ਜਹੀ-ਤਹੀ ਕਰਦਾ ਉਹ ਕਿਸੇ ਡੂੰਘੀ ਸੋਚ ਵਿੱਚ ਡੁੱਬਿਆ ਹੋਇਆ ਸੀ।

ਅਜੇ ਮੀਂਹ ਪੈ ਰਿਹਾ ਸੀ। ਜਿਥੋਂ ਤੱਕ ਉਸਨੂੰ ਯਾਦ ਸੀ, ਇਹ ਜਗ੍ਹਾ ਕੁਝ ਇਸ ਤਰਾਂ ਹੀ ਰਹਿੰਦੀ ਸੀ। ਮੀਂਹ ਰੁਕਿਆ ਹੀ ਹੁੰਦਾ, ਤੇ ਫੇਰ ਸ਼ੁਰੂ ਹੋ ਜਾਂਦਾ। ਮਤਲਬ ਕਿ ਬੱਸ ਚੁੰਝ ਖੋਲ੍ਹੀ, ਤੇ ਪਾਣੀ ਦੀਆਂ ਬੂੰਦਾਂ ਦਾ ਬੱਦਲਾਂ ਤੋਂ ਢਿੱਡ ਤੱਕ ਦਾ ਸਫ਼ਰ ਮੁਕੰਮਲ।

ਕਲਪਨਾ ਦੀ ਇੱਕ ਖ਼ਾਸੀਅਤ ਐ। ਇਹ ਖ਼ਾਮਖ਼ਾਹ ਦੇ ਸੂਝਵਾਨਾਂ ਨੂੰ ਉਹਨਾਂ ਦੇ ਸਭ ਤੋਂ ਰੱਜੇ ਜਾਂ ਸਭ ਤੋਂ ਪਿਆਸੇ ਸਮਿਆਂ’ਚ ਹੀ ਸੁੱਝਦੀ ਐ। ਕਾਂ ਦਾ ਚੰਗਾ ਸਮਾਂ ਚੱਲ ਰਿਹਾ ਸੀ। ਬਹੁਤ ਸਾਰੇ “ਜੇ ਇੰਝ ਹੁੰਦਾ, ਤਾਂ ਕਿੰਝ ਹੁੰਦਾ।।?” ਕਿਸਮ ਦੇ ਸੁਆਲ ਉਸ ਦੇ ਦਿਮਾਗ’ਚ ਖੁਰਾਫ਼ਾਤ ਕਰ ਰਹੇ ਸਨ।

ਇੱਕ ਅਜਿਹਾ ਹੀ ਸੁਆਲ ਸੀ ਸੋਕੇ ਬਾਰੇ।

“ਜੇ ਇਹ ਸਾਰੇ ਦਾ ਸਾਰਾ ਪਾਣੀ ਗ਼ਾਇਬ ਹੋ ਜਾ ਵੇ, ਤਾਂ ਕੀ ਹੋਊ?”, ਕਾਂ ਬੜਾ ਹੈਰਾਨ ਸੀ।

ਉਸਨੇ ਆਸ-ਪਾਸ ਵੇਖਿਆ। ਉਸਨੂੰ ਆਪਣੇ ਨਾਲ ਦੇ ਕਾਵਾਂ ਤੇ ਬੜਾ ਤਰਸ ਆਇਆ।

“ਵਿਚਾਰੇ! ਇਹਨਾਂ ਨੂੰ ਕੀ ਖ਼ਬਰ! ਮੈਨੂੰ ਹੀ ਕੁਝ ਕਰਨਾ ਪੈਣਾ ਐ।”, ਅਸਮਾਨ ਨੂੰ ਘੂਰੀ ਜਿਹੀ ਵੱਟਦੇ ਉਸਨੇ ਇਕ ਔਖਾ ਸਾਂਹ ਭਰਿਆ।

ਕਾਂ ਆਪਣੇ ਪ੍ਰਯੋਗਾਂ ਵਿੱਚ ਜੁਟ ਗਿਆ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਉਹ ਇਸ ਸਿੱਟੇ ਤੇ ਪਹੁੰਚਿਆ:

ਕੁਝ ਖ਼ਾਸ ਤਰਾਂ ਦੇ ਪੱਥਰ ਪਾਣੀ ਨਹੀਂ ਸੋਖਦੇ। ਜੇ ਐਸੇ ਪੱਥਰਾਂ ਨੂੰ ਪਾਣੀ ਵਿੱਚ ਸੁੱਟਿਆ ਜਾਵੇ ਤਾਂ ਪਾਣੀ ਦਾ ਪੱਧਰ ਉੱਤੇ ਹੋ ਜਾਂਦਾ ਐ। ਖ਼ਿਆਲ ਬੱਸ ਇਹ ਰੱਖਣਾ ਪੈਣਾ ਕਿ ਅਜਿਹੇ ਕਿੰਨੇ ਪੱਥਰ ਪਾਣੀ ਵਿੱਚ ਸੁੱਟੇ ਜਾਣ ਤੇ ਕਿਸ ਤਰਾਂ ਦੇ ਪਾਣੀ ਦੇ ਪੱਧਰ ਵਿੱਚ ਇਸ ਦੀ ਲੋੜ ਪਊਗੀ।

ਫੇਰ ਇਕ ਬੜੇ ਕਮਾਲ ਦੀ ਗੱਲ ਹੋਈ। ਕਾਂ ਦੀ ਇੱਕੋ-ਦਮ ਦਾੜ੍ਹੀ ਆ ਗਈ। ਉਸ ਨੇ ਪਾਣੀ’ਚ ਆਪਣੇ ਆਪ ਨੂੰ ਵੇਖਿਆ ਤਾਂ ਖ਼ੁਦ ਨੂੰ ਕਿਸੇ ਵੱਡੇ, ਪੜ੍ਹੇ-ਲਿਖੇ, ਵਿਦਵਾਨ ਜਿਹਾ ਮਹਿਸੂਸ ਕੀਤਾ।

ਉਸ ਨੇ ਤੁਰੰਤ ਆਪਣੇ ਸਾਥੀ ਕਾਵਾਂ ਨੂੰ ਇਕੱਠਾ ਕੀਤਾ ਤੇ ਆਪਣੀ ਖੋਜ ਬਾਰੇ ਬੜੀ ਟੌਰ ਨਾਲ ਦੱਸਿਆ। ਜ਼ਿਆਦਾਤਰ ਕਾਵਾਂ ਦਾ ਉਸ ਦੀ ਦਾੜ੍ਹੀ ਵੱਲ ਜ਼ਿਆਦਾ ਧਿਆਣ ਸੀ ਤੇ ਗੱਲਾਂ ਵੱਲ ਘੱਟ; ਬੱਸ ਹਾਮੀ ਭਰਦੇ ਰਹੇ। ਕੁਝ ਹਮੇਸ਼ਾ ਦੀ ਤਰਾਂ ਬੱਸ ਨਾਂਹ ਕਰਨ ਵਾਸਤੇ ਨਾਂਹ ਕਰ ਰਹੇ ਸਨ। ਥੋੜ੍ਹੀ ਦੇਰ ਬਾਦ ਜਦੋਂ ਧੌਣ ਥੱਕੀ ਤਾਂ ਚੁੱਪ ਕਰ ਗਏ। ਜਿਹੜੇ ਇੱਕ-ਦੋ ਕਾਂ ਵਿਚਾਰੇ ਸਹੀ’ਚ ਸੁਆਲ ਕਰਨਾ ਚਾਹੁੰਦੇ ਸਨ, ਉਹਨਾਂ ਦੀ ਅਵਾਜ਼ ਹਾਂ-ਵਾਲਿਆਂ ਤੇ ਮੱਲੋ-ਮੱਲੀ-ਨਾਂਹ-ਵਾਲਿਆਂ ਦੀ ਕਾਂਵਾਂ-ਰੌਲੀ’ਚ ਕਿਸੇ ਨੇ ਨਹੀਂ ਸੁਣੀ।

“ਸੁਣੋ! ਸ਼ਾਂਤ! ਮੇਰੇ ਕਾਂ ਭਰਾਵੋ, ਭੈਣੋਂ, ਬੱਚਿਓ…” ਕਾਂ ਨੇ ਭਾਸ਼ਣ ਸ਼ੁਰੂ ਕੀਤਾ, “… ਗ਼ੌਰ ਨਾਲ ਸੁਣੋ! ਆਪਾਂ ਬਹੁਤ ਨਿੱਕੇ ਨਿੱਕੇ ਰੋੜੇ ਇਕੱਠੇ ਕਰਨੇ ਐ। ਇਹ ਰੋੜੇ ਆਪਣੇ ਆਪਣੇ ਆਲ੍ਹਣੇ ਵਿੱਚ ਜਮਾਂ ਕਰੋ। ਕੁਝ ਰੋੜੇ ਹਮੇਸ਼ਾ ਆਪਣੇ ਨਾਲ ਚੁੱਕਣੇ ਨੇ, ਕੀ ਪਤਾ ਕਦੋਂ ਸੋਕਾ ਪੈ ਜਾਵੇ। ਹਮੇਸ਼ਾ ਤਿਆਰ ਰਹੋ।”

“ਪਰ ਰੋੜੇ ਚੁਣਨੇ ਕਿਵੇਂ ਨੇ?”

“ਰੋੜਿਆਂ ਦੀਆਂ ਕਿਸਮਾਂ ਤੇ ਹੋਰ ਨੁਸਖ਼ੇ ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ।”

“ਆਲ੍ਹਣੇ ਟੁੱਟਣਗੇ ਨਹੀਂ?”

“ਆਲ੍ਹਣਿਆਂ ਦੀ ਨਵੀਂ ਬਣਤਰ ਤੁਹਾਨੂੰ ਸੁਝਾ ਦਿੱਤੀ ਜਾਵੇਗੀ।”

“ਚੁਕਾਂਗੇ ਕਿਵੇਂ?”

“ਚੁੰਝਾਂ ਨਾਲ!”

“ਖਾਵਾਂਗੇ ਕਿਵੇਂ?”

“…”

“ਦੇਖੋ। ਹਰ ਔਕੜ ਦਾ ਹੱਲ ਨਵੀਂ ਔਕੜ ਦੀ ਜੜ ਐ। ਇਸ ਦਾ ਮਤਲਬ ਇਹ ਨਹੀਂ ਕਿ ਹੱਲ ਗ਼ਲਤ ਐ”, ਕਾਂ ਖਿਝ ਕੇ ਬੋਲਿਆ।

“ਪਰ ਔਕੜ ਦੀ ਪਹਿਚਾਣ ਵੀ ਤਾਂ ਗ਼ਲਤ ਹੋ ਸਕਦੀ ਐ। ਜ਼ਬਰਦਸਤੀ ਦੀ ਔਕੜ ਦਾ ਹੱਲ ਅਸਲ ਦੀ ਔਕੜ ਵੀ ਤਾਂ ਪੈਦਾ ਕਰ ਸਕਦਾ ਐ!”, ਸਭਾ ਦੇ ਕੋਨੇ ਵਿਚ ਬੈਠੇ ਇਕ ਜਵਾਨ ਕਾਂ ਨੇ ਇਤਰਾਜ਼ ਕੀਤਾ।

“ਅਜਿਹੇ ਨਾਂਹ-ਵਾਦੀ ਕਾਂ ਸਾਨੂੰ ਕਦੇ ਅੱਗੇ ਨਹੀਂ ਉੱਡਣ ਦੇਣਗੇ। ਜਦੋਂ ਸਾਰਾ ਟੱਬਰ ਇੱਕ ਪਾਸੇ ਐ, ਤਾਂ ਤੈਨੂੰ ਕੀ ਖ਼ੁਰਕ ਐ?”, ਕਾਂ ਦਾੜ੍ਹੀ ਦੀ ਗੰਢ ਬੰਨ੍ਹਦਾ ਗੁੱਸੇ’ਚ ਚੀਕਿਆ।

ਇਸ ਵਾਰ ਕਾਂ ਦੀ ਅਵਾਜ਼’ਚ ਅਜੀਬ ਤਿੱਖਾਪਣ ਸੀ। ਥੋੜੇ ਸਮੇਂ ਤੱਕ ਕਿਸੇ ਕਾਂ ਦੀ ਚੂੰ ਨੀ ਨਿੱਕਲੀ।

ਇੱਕ ਛੋਟੇ ਕਾਂ ਦੇ ਬੱਚੇ ਨੇ ਹਿੰਮਤ ਕਰਕੇ ਪੁੱਛਿਆ – “ਪਰ ਬਾਬਾ ਜੀ, ਸਿਖਾਊਗਾ ਕੌਣ?”

“ਬਾਬਾ ਜੀ ?!!!”, ਕਾਂ ਹੱਸ ਪਿਆ ਤੇ ਖੁਸ਼ ਹੋ ਕੇ ਵਾਪਸ ਭਾਸ਼ਣ ਦੇਣ ਲੱਗ ਪਿਆ।

“ਕੁਦਰਤ ਬੜੀ ਖੂਬਸੂਰਤ ਸ਼ੈ ਐ। ਦੇਖੋ ਇਹ ਰੁੱਖ ਕਿਵੇਂ ਜੜ ਤੋਂ ਟਾਹਣੀਆਂ ਤੱਕ, ਟਾਹਣੀਆਂ ਤੋਂ ਹੋਰ ਟਾਹਣੀਆਂ ਤੱਕ ਤੇ ਉਹਨਾਂ ਟਾਹਣੀਆਂ ਤੋਂ ਅਖੀਰ ਪੱਤਿਆਂ ਤੱਕ ਪਹੁੰਚਦਾ ਐ। ਮੈਂ ਕੁਝ ਕਾਂ ਤਿਆਰ ਕਰੂੰਗਾ। ਉਹ ਹੋਰ ਕਾਂ ਤਿਆਰ ਕਰਨਗੇ। ਇਸ ਤਰਾਂ ਬਹੁੱਤ ਘੱਟ ਸਮੇਂ ਵਿੱਚ ਆਪਾਂ ਸਾਰੇ ਰੋੜਿਆਂ ਦੇ ਸਾਰੇ ਨੁਸਖ਼ੇ ਸਿੱਖ ਜਾਵਾਂਗੇ।”

ਕਾਂ ਬਾਬੇ ਦੇ ਏਨਾ ਕਹਿੰਦੇ ਹੀ ਕਾਵਾਂ-ਰੌਲੀ ਪੈ ਗਈ। ਸਾਰੇ ਕਾਂ, ਕਾਂ-ਕਾਂ ਕਰਦੇ ਧੌਣਾਂ ਹਾਮੀ’ਚ ਹਿਲਾਉਣ ਲੱਗ ਪਏ।

ਕਾਂ ਬਾਬੇ ਦੇ ਬਿਲਕੁਲ ਆਸ-ਪਾਸ ਬੈਠੇ ਕਾਂਵਾਂ ਨਾਲ ਕਮਾਲ ਹੋਇਆ। ਦਾੜ੍ਹੀਆਂ ਦੇ ਪਹਿਲੇ-ਪਹਿਲੇ ਵਾਲ਼ ਫੁੱਟਣ ਲੱਗ ਪਏ। ਉਹ ਆਪਣੇ ਆਪ ਨੂੰ ਕਿਸੇ ਰਾਜੇ ਦੇ ਮੰਤਰੀ ਮਹਿਸੂਸ ਕਰ ਰਹੇ ਸਨ।

ਫੇਰ ਸਭ-ਕੁਝ ਸ਼ੁਰੂ ਹੋਇਆ।

ਕਾਂਵਾਂ ਨੂੰ ਕਾਂ ਬਾਬੇ ਦਾ ਬਹੁਤ ਮਾਣ ਸੀ। ਰੋੜਿਆਂ ਦੇ ਨੁਸਖਿਆਂ ਦੀ ਸਿਖਲਾਈ ਜੋਰਾਂ-ਸ਼ੋਰਾਂ ਨਾਲ ਚੱਲ ਰਹੀ ਸੀ।

ਥੋੜੀਆਂ-ਬਹੁਤ ਮੁਸ਼ਕਿਲਾਂ ਵੀ ਸੀ – ਬਹੁਤ ਕਾਂ ਛੋਟੀ ਉਮਰੇ ਮਰ ਰਹੇ ਸੀ। ਆਲ੍ਹਣੇ ਟੁੱਟਣ-ਜੋੜਣ ਦਾ ਕੰਮ ਲਗਾਤਾਰ ਹੁੰਦਾ ਸੀ। ਕੋਈ-ਕੋਈ ਕਾਂ ਪਾਣੀ’ਚ ਆਪਣੇ ਆਂਡੇ ਸੁੱਟ ਆਉਂਦਾ। ਕੋਈ-ਕੋਈ ਕਾਉਣੀ ਕਿਸੇ ਰੋੜੇ ਨੂੰ ਖ਼ਾਮਖ਼ਾਹ ਸੇਕਦੀ ਰਹਿੰਦੀ।

ਇਸੇ ਦੌਰਾਨ ਕਾਂਵਾਂ ਵਿੱਚ ਪਹਿਲੀ ਚੋਰੀ ਦੀ ਵਾਰਦਾਤ ਹੋਈ। ਕਿਸੇ ਕਾਂ ਦੇ ਸਾਰੇ ਰੋੜੇ ਚੋਰੀ ਹੋ ਗਏ। ਕੁਝ ਗਾਲੜੀ ਕਾਂਵਾਂ ਨੇ ਇਸ ਨੂੰ ਸਨਸਨੀਖੇਜ਼ ਖੁਲਾਸੇ ਦਾ ਨਾਂ ਦੇ ਕੇ ਬਹੁੱਤ ਰੌਲਾ ਪਾਇਆ। ਕਾਵਾਂ ਦੀ ਆਪਣੀ ਪੁਲਸ ਦਾ ਵਿਚਾਰ ਪੇਸ਼ ਕੀਤਾ ਗਿਆ, ਪਰ ਕੁਝ ਹੋਇਆ ਨਹੀਂ। “ਅਜੇ ਨਹੀਂ”, ਕਾਂ ਬਾਬੇ ਨੇ ਕਿਹਾ ਤੇ ਸਭ-ਕੁਝ ਰਫ਼ਾ-ਦਫ਼ਾ ਹੋ ਗਿਆ।

ਕਾਂ ਆਪਣੇ ਨਵੇਂ ਰੁਝਾਨ ਨਾਲ ਜਿਵੇਂ-ਤਿਵੇਂ ਜੀ ਰਹੇ ਸਨ। ਸਭ ਮੁਸ਼ਕਲਾਂ ਦੇ ਬਾਵਜੂਦ, ਸੋਕੇ ਦੀ ਭਵਿਖਵਾਦੀ ਸੋਚ ਤੇ ਕਾਂ ਬਾਬੇ ਦੇ ਭਾਸ਼ਣਾਂ ਤੋਂ ਸਾਰੇ ਕਾਂ ਬਹੁਤ ਖੁਸ਼ ਸਨ।

ਕਾਂ ਬਾਬੇ ਤੇ ਉਸ ਦੇ ਨਾਲ ਕਾਵਾਂ ਦੀ ਜ਼ਿੰਦਗੀ ਵਿੱਚ ਕਦੇ ਸੋਕਾ ਨਹੀਂ ਪਿਆ। ਪਰ ਕਾਂਵਾਂ ਨੇ ਜਿਹੜੀ ਰਾਹ ਫੜੀ ਸੀ, ਉਸ ਤੋਂ ਮੁੜ ਕੇ ਨਾ ਕਦੇ ਵਾਪਸ ਤੱਕਿਆ ਤੇ ਨਾ ਕਿਸੇ ਨੇ ਕੋਈ ਸੁਆਲ ਕੀਤਾ। ਕਾਂ ਬਾਬੇ ਦੀਆਂ ਗੱਲਾਂ ਪੱਥਰ ਤੇ ਲਕੀਰ ਸਨ। ਜਿਹੜੇ ਥੋੜੇ-ਬਹੁਤ ਕਾਂ ਇਤਰਾਜ਼ ਕਰਦੇ, ਉਹ ਜਾਂ ਚੁੰਝਾਂ ਦੀ ਮਾਰ ਖਾ-ਖਾ ਕੇ ਚੁੱਪ ਕਰ ਜਾਂਦੇ। ਜਿਹੜੇ ਫੇਰ ਵੀ ਨਹੀਂ ਸੁਧਰਦੇ, ਉਹ ਕਾਵਾਂ ਦੇ ਝੁੰਡ ਚੋਂ ਬੇਦਖ਼ਲ ਕਰ ਦਿੱਤੇ ਜਾਂਦੇ।

ਬਹੁਤ ਸਾਲ ਇੰਝ ਹੀ ਬੀਤ ਗਏ। ਕਾਂ ਬਾਬੇ ਦੀ ਚੌਥੀ ਪੀੜ੍ਹੀ ਚੱਲ ਰਹੀ ਐ।

ਅੱਜ ਕੱਲ੍ਹ ਕਾਂ ਬਾਬਾ ਇੱਕ ਦੰਤ-ਕਥਾ ਬਣ ਗਿਆ ਐ। ਉਸਦੀ ਕਥਾ ਨੂੰ ਪੱਥਰ-ਵਾਚ ਕਿਹਾ ਜਾਂਦਾ ਐ। ਉਸਦੀ ਤਸਵੀਰ ਵਿੱਚ ਉਸ ਨੂੰ ਚਿੱਟੇ ਰੰਗ ਦੇ ਕਾਂ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਐ ਜਿਸਦੀ ਚੁੰਝ ਵਿਚ ਸੋਨੇ ਦਾ ਰੋਡ ਹੁੰਦਾ ਐ। ਪੱਥਰ-ਵਾਚ ਬਾਰੇ ਇਹ ਪ੍ਰਸਿੱਧ ਐ ਕਿ ਇਕ ਰਾਤ ਇੱਕ ਝੀਲ ਦੇ ਕੰਢੇ ਇਕ ਰੋੜੇ ਤੇ ਕਾਂ ਬਾਬੇ ਦੀ ਚੁੰਝ ਦੇ ਪਾਣੀ ਨੇ ਉਸਨੂੰ ਭਵਿੱਖ ਦੀਆਂ ਤਸਵੀਰਾਂ ਵਿਖਾਈਆਂ ਜੋ ਉਸਨੇ ਆਪਣੀ ਚੁੰਝ ਨਾਲ ਪੱਥਰ-ਵਾਚ ਦੇ ਰੂਪ ਵਿੱਚ ਉਕੇਰੀਆਂ।

ਰੋੜੇ ਕਾਵਾਂ ਵਿੱਚ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਜਾਇਦਾਦ ਦੇ ਤੌਰ ਤੇ ਦਿੱਤੇ ਜਾਂਦੇ ਰਹੇ। ਕੁਝ ਕਾਂ ਸਜਾਵਟੀ ਰੋੜੇ ਵੇਚਦੇ ਨੇ। ਕੁਝ ਰੁੱਖਾਂ ਤੇ ਰੋੜਿਆਂ ਦੇ ਅਜਾਇਬਘਰ ਨੇ। ਇੱਕ ਵੱਡੇ ਰੁੱਖ ਦੇ ਤਣੇ ਵਿੱਚ ਮੋਰਾ ਕਰ ਕੇ “ਪਹਿਲੇ ਰੋੜੇ ਦੀ ਗੁਫ਼ਾ” ਬਣਾਈ ਗਈ ਹੈ ਜੋ ਵੇਖਣ-ਯੋਗ ਐ, ਚਾਹੇ ਇਸ ਰੋੜੇ ਦੀ ਪ੍ਰਮਾਣਿਕਤਾ ਵਿਵਾਦ ਦੇ ਘੇਰੇ’ਚ ਐ।

ਅੱਜ ਹਰ ਕਾਂ ਆਪਣੇ ਨਾਲ ਇੱਕ ਬਿਲਕੁਲ ਛੋਟਾ ਜਿਹਾ ਵੱਟਾ ਰੱਖਦਾ ਐ। ਪਾਣੀ ਪੀਣ ਤੋਂ ਪਹਿਲਾਂ ਇਹ ਵੱਟਾ ਪਾਣੀ ਵਿੱਚ ਸੁੱਟ ਕੇ ਕੱਢ ਲੈਂਦਾ ਐ। ਫੇਰ ਪਾਣੀ ਪੀਂਦਾ ਐ। ਵੱਡੇ ਕਾਂ ਕਹਿੰਦੇ ਨੇ ਕਿ ਇੰਝ ਕਰਨਾ ਸ਼ੁਭ ਐ ਤੇ ਸਿਹਤ ਵਾਸਤੇ ਚੰਗਾ ਐ।

ਕਾਂਵਾਂ ਦੇ ਬੱਚਿਆਂ ਦੇ ਸਕੂਲ ਬਾਹਰ ਲਿਖਿਆ ਐ –

“ਕਾਢ ਲੋੜ ਦੀ ਮਾਂ ਹੈ।”


Leave a comment